________________
ਚਾਨਣ ਮੁਨਾਰਾ, ਮਹਾਵੀਰ ਤੀਰਥੰਕਰ ਮਹਾਵੀਰ ਸੰਸਾਰ ਵਿੱਚ ਪੁਜਣਯੋਗ ਮਹਾਪੁਰਸ਼ ਹਨ। ਉਨ੍ਹਾਂ ਦਾ ਜਨਮ ਰਾਜ ਪਰਿਵਾਰ ਵਿੱਚ ਹੋਇਆ। ਸੰਸਾਰ ਵਿੱਚ ਅੱਖ ਖੋਲਦੇ ਹੀ ਉਨ੍ਹਾਂ ਦੇ ਚਹੁੰ ਪਾਸੇ ਵਿਸ਼ਾਲ ਸੰਪਤੀ ਅਤੇ ਧਨ ਸੀ। ਰਾਜ ਪਰਿਵਾਰ ਵਿੱਚ ਪਲ ਕੇ ਉਹ ਵੱਡੇ ਹੋਏ। ਨੋਜਵਾਨ ਹੋਣ ਤੇ ਰਾਜਮੁਕਟ ਉਨ੍ਹਾਂ ਦੀ ਰਾਹ ਤੱਕ ਰਿਹਾ ਸੀ। ਉਨ੍ਹਾਂ ਦੇ ਸ਼ਰੀਰਕ ਲੱਛਣਾਂ ਨੂੰ ਪੜ੍ਹ ਕੇ, ਜੋਤਸ਼ਿਆਂ ਨੇ ਭਵਿੱਖਵਾਣੀ ਕੀਤੀ ਕਿ ਇਹ ਰਾਜਕੁਮਾਰ ਚੱਕਰਵਰਤੀ ਸਮਰਾਟ ਹੋਏਗਾ। ਸੰਸਾਰਿਕ ਦ੍ਰਿਸ਼ਟੀ ਤੋਂ ਸੁਖੀ ਵਰਤਮਾਨ ਅਤੇ ਸੁਨਿਹਰਾ ਭਵਿੱਖ ਮਹਾਵੀਰ ਦੇ ਸਾਹਮਣੇ ਸੀ। ਪਰ ਮਹਾਵੀਰ ਨੇ ਜੀਵਨ ਦੀ ਮਹਾਨਤਾ ਨੂੰ ਸੰਸਾਰ ਦੀ ਅੱਖ ਨਾਲ ਨਹੀਂ ਵੇਖਿਆ। ਉਨ੍ਹਾਂ ਅਪਣੀ ਆਤਮ ਦ੍ਰਿਸ਼ਟੀ ਤੋਂ ਜੀਵਨ ਦੀ ਪਰਮ ਮਹਾਨਤਾ ਦਾ ਅਧਿਐਨ ਅਤੇ ਚਿੰਤਨ ਕੀਤਾ। ਸਿਟੇ ਵਜੋਂ ਉਹਨਾਂ ਪਾਇਆ ਕਿ ਜੀਵਨ ਦਾ ਸਾਰ ਉਤਮ ਭੋਗਾਂ ਵਿੱਚ ਨਹੀਂ, ਸਗੋਂ ਜੀਵਨ ਦਾ ਉਦੇਸ਼ ਯੋਗ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਯੋਗ ਹੀ ਉਹ ਵਿਧੀ ਹੈ, ਜੋ ਆਤਮਾ ‘ਤੇ ਅੰਤਕਾਲ ਤੋਂ ਛੱਪ ਪਰਮਾਤਮਾ ਨੂੰ ਜਾਹਿਰ ਕਰ ਦਿੰਦੀ ਹੈ। ਯੋਗ ਹੀ ਉਹ ਰਾਜ ਮਾਰਗ ਹੈ ਜਿਸ ਤੇ ਯਾਤਰਾ ਕਰਕੇ ਜੀਵਨ ਯਾਤਰਾ ਤੀਰਥ ਯਾਤਰਾ ਦਾ ਪਰਮ ਅਤੇ ਅਰਥ ਭਰਪੂਰ ਅਰਥ ਵਿੱਚ ਬਦਲ ਸਕਦੀ ਹੈ।
ਆਤਮ ਨੇਤਰ ਰਾਹੀਂ ਯੋਗ ਦੀ ਮਹਾਨਤਾ ਦੇ ਦਰਸ਼ਨ ਵੇਖ ਕੇ ਮਹਾਵੀਰ ਨੇ ਭੋਗ ਦੇ ਸਾਰੇ ਸਾਧਨ ਅਤੇ ਰਾਜ ਮੁੱਕਟ ਦੇ ਮੋਹ ਨੂੰ ਛੱਡ ਕੇ, ਯੋਗ ਦੇ ਮਾਰਗ ਵਲ ਅਪਣੇ ਕਦਮ ਵਧਾਏ ਅਤੇ ਸਿਟੇ ਵਜੋਂ ਯੋਗ ਰਾਹੀਂ ਆਤਮ ਰੂਪੀ ਅਮਿਤ ਨੂੰ ਪ੍ਰਾਪਤ ਕਰਕੇ ਉਹ ਅੰਮ੍ਰਿਤ ਪੁਰਸ਼ ਬਣ ਗਏ। ਉਸ ਅੰਮ੍ਰਿਤ ਪੁਰਸ਼ ਦੀ ਅੰਮ੍ਰਿਤ ਯਾਤਰਾ ਦੇ ਪ੍ਰਮੁੱਖ ਅਤੇ ਪ੍ਰਸਿੱਧ ਪੰਨਿਆਂ ਦਾ ਅਧਿਐਨ ਕਰਕੇ ਆਓ ਅਸੀਂ ਸਾਰੇ ਪਰਮ ਰਸ ਦਾ ਸੁਆਦ ਚੱਖੀਏ। ਜਨਮ:
(2607 ਸਾਲ ਪਹਿਲਾਂ ਦੀ ਗੱਲ ਹੈ ਬਿਹਾਰ ਪ੍ਰਾਂਤ ਦੇ ਖੱਤਰੀ ਕੁੰਡਗਰਾਮ ਵਿੱਚ ਰਾਜਾ ਸਿਧਾਰਥ ਰਾਜ ਕਰਦੇ ਸਨ। ਉਹਨਾਂ ਦੀ ਰਾਣੀ ਦਾ ਨਾਂ ਤ੍ਰਿਸ਼ਲਾ ਸੀ। ਸਿਧਾਰਥ ਤੇ ਤ੍ਰਿਸ਼ਲਾ 23ਵੇਂ ਤੀਰਥੰਕਰ ਭਗਵਾਨ ਪਾਰਸ਼ਵਨਾਥ ਦੀ ਪ੍ਰੰਪਰਾ ਦੇ ਸ਼ਮਣੋ ਉਪਾਸ਼ਕ (ਮੰਨਣ ਵਾਲੇ) ਸਨ। ਨਿਰਗਰੰਥ (ਜੈਨ) ਧਰਮ ਪ੍ਰਤੀ ਉਨ੍ਹਾਂ ਦਾ ਗਹਿਰਾ ਵਿਸਵਾਸ਼ ਸੀ। ਉਹ ਗਿਆਤ ਕੁਲ ਨਾਲ ਸੰਬੰਧ ਰੱਖਦੇ ਸਨ।